ਮੋਹਾਲੀ ਜ਼ਿਲ੍ਹੇ ਦੇ ਬਨੂੜ ਨੇੜਲੇ ਪਿੰਡ ਸ਼ੰਭੂ ਕਲਾਂ ਵਿੱਚ ਪਿਛਲੇ ਦਿਨੀਂ 23 ਸਾਲਾ ਗੁਰਜਿੰਦਰ ਸਿੰਘ ਦੀ ਕੈਨੇਡਾ ਵਿਖੇ ਇੱਕ ਸੜਕ ਹਾਦਸੇ ਵਿੱਚ ਮੌਤ ਹੋ ਗਈ ਸੀ।
ਉਸ ਦੇ ਪਿਤਾ ਕੁਲਦੀਪ ਸਿੰਘ ਇੱਥੇ ਦਰਜੀ ਹਨ। ਬੀਬੀਸੀ ਪੰਜਾਬੀ ਨਾਲ ਗੱਲਬਾਤ ਕਰਦਿਆਂ ਉਹ ਦੱਸਦੇ ਹਨ ਕਿ ਉਨ੍ਹਾਂ ਦਾ ਤਾਂ ਸਭ ਕੁਝ ਹੀ ਉੱਜੜ ਗਿਆ।
“ਆਪਣਾ ਸਭ ਕੁਝ ਵੇਚ-ਵਾਚ ਕੇ ਤੇ ਕਰਜ਼ਾ ਲੈ ਕੇ ਗੁਰਜਿੰਦਰ ਨੂੰ ਕੈਨੇਡਾ ਭੇਜਿਆ ਸੀ ਤਾਂ ਜੋ ਉਹ ਜ਼ਿੰਦਗੀ ਵਿੱਚ ਕੁਝ ਬਣ ਜਾਵੇ। ਪਰ ਇੱਕ ਦਿਨ ਕਾਲਜ ਤੋਂ ਬਰੈਂਮਟਨ ਵਾਪਸ ਆਉਂਦੇ ਹੋਏ ਉਸ ਸੜਕ ਹਾਦਸੇ ਵਿੱਚ ਗੰਭੀਰ ਰੂਪ ‘ਚ ਜ਼ਖ਼ਮੀ ਹੋ ਗਿਆ ਤੇ ਬਾਅਦ ਵਿੱਚ ਉਸ ਦੀ ਮੌਤ ਹੋ ਗਈ।”
“ਤੁਸੀਂ ਸੋਚ ਸਕਦੇ ਹੋ ਕਿ ਮੈਂ ਇੱਕ ਦਰਜੀ ਹਾਂ ਤੇ ਕਿਵੇਂ ਇੰਨੇ ਪੈਸੇ ਜੁਟਾ ਸਕਦਾ ਹਾਂ।”
ਕੁਲਦੀਪ ਸਿੰਘ ਕਹਿੰਦੇ ਹਨ ਕਿ ਬਿਨਾਂ ਸੋਚੇ ਸਮਝੇ ਆਪਣੇ ਬੱਚਿਆਂ ਨੂੰ ਵਿਦੇਸ਼ਾਂ ਵਿੱਚ ਭੇਜਣ ਦਾ ਕੋਈ ਫਾਇਦਾ ਨਹੀਂ ਹੈ। “ਮੇਰਾ ਪੁਤਰ ਤਾਂ ਕਹਿੰਦਾ ਵੀ ਸੀ ਕਿ ਉੱਥੇ ਕੋਈ ਬਹੁਤੇ ਵਧੀਆ ਹਾਲਾਤ ਨਹੀਂ ਹਨ। ਅਸੀਂ ਤਾਂ ਆਪਣਾ ਸਭ ਕੁਝ ਗਵਾ ਦਿੱਤਾ ਹੈ।”
“ਮੈਂ ਤਾਂ ਇਹੀ ਕਹਾਂਗਾ ਕਿ ਆਪਣੇ ਪੰਜਾਬ ਵਿੱਚ ਬਥੇਰਾ ਕੁਝ ਹੈ।”
ਪਰ ਸੱਚ ਇਹ ਹੈ ਕਿ ਮਾਪੇ ਅਜੇ ਵੀ ਆਪਣੇ ਬੱਚਿਆਂ ਨੂੰ ਵਿਦੇਸ਼ਾਂ ਵਿੱਚ ਭੇਜਣ ਲਈ ਕਰਜ਼ ਵੀ ਲੈਂਦੇ ਹਨ ਤੇ ਆਪਣੀ ਜਾਇਦਾਦ ਵੀ ਵੇਚ ਦਿੰਦੇ ਹਨ ਕਿਉਂਕਿ ਉਨ੍ਹਾਂ ਨੂੰ ਇਹ ਲੱਗਦਾ ਹੈ ਕਿ ਕੈਨੇਡਾ ਤੇ ਹੋਰ ਦੇਸ਼ਾਂ ਵਿੱਚ ਸੁਨਹਿਰੇ ਭਵਿੱਖ ਉਨ੍ਹਾਂ ਦੇ ਬੱਚਿਆਂ ਦਾ ਇੰਤਜ਼ਾਰ ਕਰ ਰਿਹਾ ਹੈ।

ਲੱਖਾਂ ਰੁਪਏ ਦਾ ਕਰਜ਼
ਦਰਅਸਲ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (ਪੀਏਯੂ), ਲੁਧਿਆਣਾ ਵੱਲੋਂ ਪੰਜਾਬ ਵਿੱਚ ਪਰਵਾਸ ਦੇ ਪੈਟਰਨਾਂ ‘ਤੇ ਡੂੰਘਾਈ ਨਾਲ ਕੀਤੇ ਗਏ ਇੱਕ ਅਧਿਐਨ ਵਿੱਚ ਸਾਹਮਣੇ ਆਇਆ ਹੈ ਕਿ ਪਰਿਵਾਰਾਂ ਨੂੰ ਆਪਣੇ ਬੱਚਿਆਂ ਨੂੰ ਵਿਦੇਸ਼ ਭੇਜਣ ਲਈ ਆਰਥਿਕ ਬੋਝ ਦਾ ਸਾਹਮਣਾ ਕਰਨਾ ਪੈਂਦਾ ਹੈ।
ਅਧਿਐਨ ਤੋਂ ਪਤਾ ਚੱਲਦਾ ਹੈ ਕਿ ਪਰਿਵਾਰਾਂ ਨੇ ਸਟੱਡੀ ਵੀਜ਼ਾ ‘ਤੇ 18-25 ਲੱਖ ਰੁਪਏ ਅਤੇ ਵਰਕ ਵੀਜ਼ਾ, ਸਪਾਊਸ ਵੀਜ਼ਾ ਜਾਂ ਪੀਆਰ ‘ਤੇ 4-4 ਲੱਖ ਰੁਪਏ ਖਰਚ ਕੀਤੇ ਹਨ। ਕਈਆਂ ਨੇ ਗ਼ੈਰ-ਕਾਨੂੰਨੀ ਤਰੀਕਿਆਂ ਨਾਲ ਗਏ ਪਰਵਾਸੀਆਂ ‘ਤੇ 25 ਤੋਂ 32.50 ਲੱਖ ਰੁਪਏ ਖਰਚ ਕੀਤੇ।
ਘੱਟੋ-ਘੱਟ 19.38 ਫੀਸਦ ਪਰਵਾਸੀ ਪਰਿਵਾਰਾਂ ਨੇ ਜ਼ਮੀਨ, ਪਲਾਟ/ਘਰ, ਕਾਰਾਂ, ਸੋਨਾ ਅਤੇ ਟਰੈਕਟਰਾਂ ਸਮੇਤ ਆਪਣੀ ਜਾਇਦਾਦ ਵੇਚ ਦਿੱਤੀ।
ਪਰਵਾਸੀ ਪਰਿਵਾਰਾਂ ਦੁਆਰਾ ਵੇਚੀਆਂ ਗਈਆਂ ਜਾਇਦਾਦਾਂ ਦਾ ਔਸਤ ਮੁੱਲ ਰੁਪਏ ਦਾ ਅਨੁਮਾਨ ਲਗਾਇਆ ਗਿਆ ਸੀ। 1.23 ਲੱਖ ਪ੍ਰਤੀ ਪਰਿਵਾਰ ਵਿਸ਼ਲੇਸ਼ਣ ਤੋਂ ਪਤਾ ਲੱਗਿਆ ਹੈ ਕਿ ਪ੍ਰਵਾਸੀ ਪਰਿਵਾਰਾਂ ਦੀਆਂ ਸਾਰੀਆਂ ਸ਼੍ਰੇਣੀਆਂ ਵਿੱਚ ਵੇਚਣ ਲਈ ਤਰਜੀਹੀ ਵਸਤੂ ਸੋਨਾ ਸੀ।
ਘੱਟ ਆਮਦਨ ਵਾਲੇ, ਬੇਜ਼ਮੀਨੇ ਅਤੇ ਮਜ਼ਦੂਰ ਪਰਿਵਾਰਾਂ ਦੀ ਬਹੁਗਿਣਤੀ ਨੇ ਸੋਨਾ ਵੇਚਣ ਦਾ ਸਹਾਰਾ ਲਿਆ। ਲਗਭਗ 18 ਫੀਸਦ ਛੋਟੇ ਖੇਤ ਪਰਿਵਾਰਾਂ ਅਤੇ ਛੇ ਫੀਸਦ ਤੋਂ ਘੱਟ ਦਰਮਿਆਨੇ ਅਤੇ ਵੱਡੇ ਖੇਤ ਵਾਲੇ ਪਰਿਵਾਰਾਂ ਨੇ ਆਪਣੇ ਬੱਚਿਆਂ ਨੂੰ ਵਿਦੇਸ਼ ਭੇਜਣ ਲਈ ਜ਼ਮੀਨ ਵੇਚ ਦਿੱਤੀ।
ਆਪਣਾ ਸੋਨਾ ਵੇਚਣ ਵਾਲਿਆਂ ਵਿੱਚੋਂ, 28.42% ਅਨੁਸੂਚਿਤ ਜਾਤੀਆਂ, 35% ਬੇਜ਼ਮੀਨੇ, 17% ਛੋਟੇ ਕਿਸਾਨ ਅਤੇ 32% ਦੀ ਆਮਦਨ ਘੱਟ ਸੀ (2 ਲੱਖ ਰੁਪਏ ਤੋਂ ਘੱਟ)। ਘੱਟ ਆਮਦਨ ਵਾਲੇ ਕਿਸਾਨਾਂ ਨੇ ਬੱਚਿਆਂ ਨੂੰ ਵਿਦੇਸ਼ ਭੇਜਣ ਲਈ ਆਪਣੇ ਟਰੈਕਟਰ ਵੀ ਵੇਚ ਦਿੱਤੇ।
ਅਧਿਐਨ ਮੁਤਾਬਕ ਪਰਿਵਾਰਾਂ ਦੁਆਰਾ ਆਪਣੇ ਬੱਚਿਆਂ ਨੂੰ ਵਿਦੇਸ਼ ਭੇਜਣ ਲਈ ਵੇਚੀਆਂ ਗਈਆਂ ਜਾਇਦਾਦਾਂ ਦੇ ਅੰਕੜਿਆਂ ਦੀ ਗੱਲ ਕਰੀਏ ਤਾਂ ਇਹ ਪੂਰੇ ਸੂਬੇ ਲਈ 5636 ਕਰੋੜ ਰੁਪਏ ਬਣਨ ਦਾ ਅਨੁਮਾਨ ਹੈ।
ਬਹੁ-ਗਿਣਤੀ ਐੱਸੀਐੱਸਟੀ ਭਾਈਚਾਰੇ ਵਾਲੇ, ਘੱਟ ਆਮਦਨ ਵਾਲੇ, ਬੇਜ਼ਮੀਨੇ ਅਤੇ ਮਜ਼ਦੂਰ ਪਰਵਾਸੀ ਪਰਿਵਾਰਾਂ ਨੇ ਪਰਵਾਸ ਦੇ ਖਰਚਿਆਂ ਨੂੰ ਪੂਰਾ ਕਰਨ ਲਈ ਘਰ ਅਤੇ ਸੋਨੇ ਦੇ ਗਹਿਣੇ ਵੇਚ ਦਿੱਤੇ।
ਲਗਭਗ 56 ਫੀਸਦੀ ਪਰਿਵਾਰਾਂ ਨੇ ਆਪਣੇ ਬੱਚਿਆਂ ਨੂੰ ਵਿਦੇਸ਼ ਭੇਜਣ ਲਈ ਪੈਸੇ ਉਧਾਰ ਲਏ ਹਨ। ਪਰਵਾਸੀ ਪਰਿਵਾਰਾਂ ਦੁਆਰਾ ਉਧਾਰ ਲਈ ਗਈ ਔਸਤ ਰਕਮ ਪ੍ਰਤੀ ਪਰਿਵਾਰ 3.13 ਲੱਖ ਰੁਪਏ ਹੋ ਗਈ ਹੈ।
ਇਸ ਵਿੱਚੋਂ, ਗ਼ੈਰ-ਸੰਸਥਾਗਤ ਉਧਾਰ 38.8 ਫੀਸਦ ਅਤੇ ਸੰਸਥਾਗਤ ਪੈਸਾ 61.2 ਫੀਸਦ ਬਣਦਾ ਹੈ। ਸੂਬਾ ਪੱਧਰ ‘ਤੇ, ਪਰਵਾਸ ਦੇ ਉਦੇਸ਼ ਲਈ ਲਗਭਗ 14,342 ਕਰੋੜ ਰੁਪਏ ਉਧਾਰ ਲਏ ਗਏ ਸਨ।

ਅਰਵਿੰਦ ਛਾਬੜਾ
ਬੀਬੀਸੀ ਪੱਤਰਕਾਰ
Full News at https://www.bbc.com/punjabi/articles/cg3x9qjyw00o