ਰਾਮ ਮੰਦਿਰ ਪ੍ਰਾਣ ਪ੍ਰਤਿਸ਼ਠਾ: ਪੰਜਾਬ ’ਚ ਧਾਰਮਿਕ ਭਾਵਨਾਵਾਂ ਭੜਕਾਉਣ ਦੇ ਇਲਜ਼ਾਮਾਂ ‘ਚ ਗ੍ਰਿਫ਼ਤਾਰ ਹੋਏ ਦੋ ਲੋਕ ਕੌਣ ਹਨ

22 ਜਨਵਰੀ ਨੂੰ ਜਦੋਂ ਅਯੁੱਧਿਆ ‘ਚ ਭਗਵਾਨ ਰਾਮ ਦੀ ਮੂਰਤੀ ਦੀ ਪ੍ਰਾਣ ਪ੍ਰਤਿਸ਼ਠਾ ਦਾ ਸਮਾਗਮ ਚੱਲ ਰਿਹਾ ਸੀ ਤਾਂ ਦੇਸ਼ ਦੇ ਕਈ ਹਿੱਸਿਆਂ ‘ਚ ਧਾਰਮਿਕ ਸਥਾਨਾਂ ‘ਤੇ ਹਮਲਿਆਂ ਅਤੇ ਕਈ ਭਾਈਚਾਰਿਆਂ ਵਿਚਾਲੇ ਝੜਪਾਂ ਦੀਆਂ ਘਟਨਾਵਾਂ ਹੋਈਆਂ ਸਨ।

ਹਰ ਰੋਜ਼ ਸੋਸ਼ਲ ਮੀਡੀਆ ‘ਤੇ ਕਈ ਅਜਿਹੀਆਂ ਵੀਡੀਓਜ਼ ਆ ਰਹੀਆਂ ਹਨ, ਜਿੱਥੇ ਧਰਮ ਦੇ ਨਾਂ ‘ਤੇ ਲੜਾਈ-ਝਗੜੇ ਅਤੇ ਨਾਅਰੇਬਾਜ਼ੀ ਹੋ ਰਹੀ ਹੈ 

ਪੰਜਾਬ ਵਿੱਚ ਦੋ ਥਾਵਾਂ ਉੱਤੇ ਪੁਲਿਸ ਨੇ ਧਾਰਮਿਕ ਭਾਵਨਾਵਾਂ ਭੜਕਾਉਣ ਦੇ ਇਲਜ਼ਾਮਾਂ ਤਹਿਤ ਦੋ ਮਾਮਲੇ ਦਰਜ ਕੀਤੇ ਹਨ।

ਦੋਵਾਂ ਮਾਮਲਿਆਂ ਵਿੱਚ ਸ਼ਿਕਾਇਤਕਰਤਾਵਾਂ ਨੇ ਇਹ ਇਲਜ਼ਾਮ ਲਾਏ ਹਨ ਕਿ ਮੁਲਜ਼ਮਾਂ ਨੇ ਭਗਵਾਨ ਰਾਮ ਬਾਰੇ ਵਿਵਾਦਤ ਟਿੱਪਣੀਆਂ ਕੀਤੀਆਂ।

ਇਹ ਦੋ ਮਾਮਲੇ ਪੰਜਾਬ ਦੇ ਬਰਨਾਲਾ ਅਤੇ ਬਠਿੰਡਾ ਜ਼ਿਲ੍ਹੇ ਵਿੱਚ ਦਰਜ ਹੋਏ ਹਨ।

ਬਰਨਾਲਾ ਵਿੱਚ ਇਕਬਾਲ ਸਿੰਘ ਧਨੌਲਾ ਅਤੇ ਬਠਿੰਡਾ ਵਿੱਚ ਸ਼ਾਈਨਾ ਨਾਮ ਦੀ ਔਰਤ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

ਅਯੁੱਧਿਆ ਵਿੱਚ ਰਾਮ ਮੰਦਿਰ ਦੀ ਪ੍ਰਾਣ ਪ੍ਰਤਿਸ਼ਠਾ ਦਾ ਜਦੋਂ ਵੱਡਾ ਸਮਾਗਮ ਹੋਇਆ ਸੀ ਤਾਂ ਇਸ ਸਮਾਗਮ ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਅਦਿਤਿਆਨਾਥ ਅਤੇ ਰਾਸ਼ਟਰੀ ਸਵੈਮ ਸੇਵਕ ਸੰਘ ਦੇ ਮੁਖੀ ਮੋਹਨ ਭਾਗਵਤ ਵੀ ਸ਼ਾਮਲ ਸਨ। 

ਅਯੁੱਧਿਆ ਮਾਮਲੇ ਵਿੱਚ 2019 ਵਿੱਚ ਸੁਪਰੀਮ ਕੋਰਟ ਨੇ ਇਹ ਫ਼ੈਸਲਾ ਸੁਣਾਇਆ ਸੀ ਕਿ ਬਾਬਰੀ ਮਸਜਿਦ ਵਾਲੀ ਜ਼ਮੀਨ ਇੱਕ ਟ੍ਰਸਟ ਨੂੰ ਦਿੱਤੀ ਜਾਵੇ ਜੋ ਇਸ ਥਾਂ ਉੱਤੇ ਮੰਦਿਰ ਬਣਾਏਗੀ।

ਇਹ ਮੰਦਿਰ ਉੱਥੇ ਬਣਿਆ ਜਿੱਥੇ 6 ਦਸੰਬਰ ਨੂੰ 1992 ਨੂੰ ਬਾਬਰੀ ਮਸਜਿਦ ਢਾਹ ਦਿੱਤੀ ਗਈ ਸੀ।

ਇਕਬਾਲ ਧਨੌਲਾ ਕੌਣ ਹੈ?

ਵੀਰਵਾਰ ਨੂੰ ਬਰਨਾਲਾ ਜ਼ਿਲ੍ਹੇ ਵਿੱਚ ਪੈਂਦੇ ਧਨੌਲਾ ਥਾਣੇ ਦੀ ਪੁਲਿਸ ਨੇ ਇਕਬਾਲ ਧਨੌਲਾ ਨੂੰ ਗ੍ਰਿਫ਼ਤਾਰ ਕੀਤਾ ਸੀ।

ਬੀਬੀਸੀ ਸਹਿਯੋਗੀ ਨਵਕਿਰਨ ਸਿੰਘ ਮੁਤਾਬਕ ਇਕਬਾਲ ਧਨੌਲਾ ਉੱਤੇ ਭਾਰਤੀ ਦੰਡਵਾਵਲੀ ਦੀ ਧਾਰਾ 295ਏ, 153ਏ, 506 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।

ਧਨੌਲਾ ਥਾਣਾ ਦੇ ਐੱਸਐੱਚਓ ਲਖਵਿੰਦਰ ਸਿੰਘ ਮੁਤਾਬਕ ਅਰੁਣ ਕੁਮਾਰ ਬਾਂਸਲ ਨਾਮ ਦੇ ਇੱਕ ਵਿਅਕਤੀ ਦੀ ਸ਼ਿਕਾਇਤ ਉੱਤੇ ਇਹ ਮਾਮਲਾ ਦਰਜ ਕੀਤਾ ਹੈ।

ਜਾਣਕਾਰੀ ਮੁਤਾਬਕ ਇਕਬਾਲ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਸਨ ਅਤੇ ਸੋਸ਼ਲ ਮੀਡੀਆ ਪੋਸਟਾਂ ਰਾਹੀਂ ਆਪਣੇ ਵਿਚਾਰ ਰੱਖਦੇ ਸਨ।

ਉਨ੍ਹਾਂ ਨੇ ਵਿਵਾਦਤ ਟਿੱਪਣੀਆਂ ਅਯੁੱਧਿਆ ਵਿੱਚ ਰਾਮ ਮੰਦਿਰ ਦੀ ਪ੍ਰਾਣ ਪ੍ਰਤਿਸ਼ਠਾ ਦੇ ਸਬੰਧ ਵਿੱਚ ਕੀਤੀਆਂ ਸਨ।

Full New at: https://www.bbc.com/punjabi/articles/cgl4x7zxy23o

Leave a Reply

Your email address will not be published. Required fields are marked *